ਤੁਸੀਂ ਆਪਣੇ ਰੋਜ਼ਾਨਾ ਜੀਵਨ ਨੂੰ ਕਿਵੇਂ ਸੰਭਾਲ ਸਕਦੇ ਹੋ।

ਆਪਣੇ ਰੋਜ਼ਾਨਾ ਜੀਵਨ ਨੂੰ ਸੰਭਾਲਣ ਲਈ ਅਸੀਂ ਕੁੱਝ ਜ਼ਰੂਰੀ ਗੱਲਾਂ ਤੇ ਧਿਆਨ ਦੇ ਕੇ ਆਪਣੇ ਵਿੱਚ ਆਏ ਕੁੱਝ ਬਦਲਾਓ ਦੇਖ ਸਕਦੇ ਹਾਂ। ਅਸੀਂ ਆਪਣੇ ਰੋਜ਼ਾਨਾ ਜੀਵਨ ਵਿੱਚ ਸੁਧਾਰ ਕਰਕੇ ਆਪਣੇ ਕੰਮਾਂ ਨੂੰ ਹੋਰ ਵੀ ਵਧੀਆ ਤਰੀਕੇ ਨਾਲ ਅਤੇ ਮਨ ਲਗਾ ਕੇ ਕਰ ਸਕਦੇ ਹਾਂ। ਇਸ ਨਾਲ ਸਾਡਾ ਮਾਨਸਿਕ ਤਣਾਅ ਘੱਟ ਹੁੰਦਾ ਹੈ। ਇਸ ਤਰਾਂ ਇੱਕ ਖੁਸ਼ਹਾਲ ਜੀਵਨ ਬਤੀਤ ਕਰ ਸਕਦੇ ਹਾਂ।

ਰੋਜ਼ਾਨਾ ਰੁਟੀਨ ਨੂੰ ਕਿਵੇਂ ਬਣਾਈ ਰੱਖਣਾ ਹੈ।

ਤੁਸੀਂ ਹਰ ਰੋਜ਼ ਜੋ ਵੀ ਕੰਮ ਕਰਦੇ ਹੋ ਜਾਂ ਕਰਨੇ ਹਨ, ਉਹਨਾਂ ਸਾਰੇ ਕੰਮਾਂ ਨੂੰ ਲਿਖ ਕੇ ਓਹਨਾ ਦੀ ਇੱਕ ਸੂਚੀ ਬਣਾਓ ਤਾਂ ਕਿ ਤੁਸੀਂ ਆਪਣੇ ਸਾਰੇ ਕੰਮਾਂ ਨੂੰ ਸਮੇਂ ਸਿਰ ਕਰ ਸਕੋ। ਸਭ ਤੋਂ ਪਹਿਲਾਂ ਇਹ ਪਤਾ ਲਗਾਓ ਕਿ ਤੁਸੀਂ ਕੀ ਕਰਨਾ ਹੈ ਅਤੇ ਕਦੋਂ ਕਰਨਾ ਹੈ। ਜਿਵੇ ਕਿ ਆਪਣੇ ਕੰਮ ਦੇ ਮੁਤਾਬਿਕ ਸਮੇਂ ਨੂੰ ਸੈੱਟ ਕਰਨਾ, ਆਪਣੇ ਕੰਮਾਂ ਲਈ ਜਿੰਮੇਵਾਰ ਹੋਣਾ, ਆਪਣੇ ਜ਼ਰੂਰੀ ਕੰਮਾਂ ਨੂੰ ਪਹਿਲ ਦੇ ਅਧਾਰ ਤੇ ਰੱਖਣਾ, ਬੇ-ਫ਼ਾਲਤੂ ਦੇ ਕੰਮਾਂ ਨੂੰ ਘੱਟ ਕਰਨਾ ਚਾਹੀਦਾ ਹੈ। ਰੁਟੀਨ ਬਣਾਉਣ ਦੇ ਬਹੁਤ ਸਾਰੇ ਲਾਭ ਹੁੰਦੇ ਹਨ ਜਿਵੇਂ ਕਿ ਇਹ ਸਾਡੇ ਕੰਮਾਂ ਨੂੰ ਪੂਰਾ ਕਰਨਾ ਹੋਰ ਵੀ ਆਸਾਨ ਬਣਾਉਂਦਾ ਹੈ। ਇਸ ਨਾਲ ਅਸੀ ਆਪਣੇ ਆਪ ਲਈ ਸਮਾਂ ਕੱਢ ਕੇ ਆਰਾਮ ਕਰ ਸਕਦੇ ਹਾਂ, ਜਿਸ ਨਾਲ ਤਣਾਅ ਘੱਟ ਹੁੰਦਾ ਹੈ। ਜਿਸਦੀ ਸਾਨੂੰ ਅੱਜ ਕੱਲ ਬਹੁਤ ਜ਼ਰੂਰਤ ਹੈ।

ਅਣਚਾਹੀਆਂ ਗਤੀਵਿਧੀਆਂ ਨੂੰ ਘਟਾਓ ਜਾਂ ਹਟਾਓ

ਆਪਣੀ ਸੂਚੀ ਦੇਖੋ ਅਤੇ ਉਹ ਕੰਮ ਅਲੱਗ ਕਰੋ ਜਿਨ੍ਹਾਂ ਗਤੀਵਿਧੀਆਂ ਨੂੰ ਤੁਸੀਂ ਘੱਟ ਜਾਂ ਵੱਧ ਕਰਨਾ ਚਾਹੁੰਦੇ ਹੋ। ਸੂਚੀ ਵਿੱਚੋਂ ਉਹਨਾਂ ਨੂੰ ਵੀ ਅਲੱਗ ਕਰੋ ਜੋ ਤੁਹਾਡੇ ਲਈ ਫਾਇਦੇਮੰਦ ਨਹੀਂ ਹਨ। ਇਹ ਵੀ ਪਤਾ ਕਰੋ ਕਿ ਤੁਹਾਡੀ ਹਰ ਇੱਕ ਗਤੀਵਿਧੀ ਵਿੱਚ ਕਿੰਨਾ ਸਮਾਂ ਲੱਗੇਗਾ ਜਾਂ ਹੋਰ ਲੱਗ ਸਕਦਾ ਹੈ। ਜਿਸ ਕੰਮ ਵਿੱਚ ਤੁਸੀਂ ਗਤੀਵਿਧੀਆਂ ਕਰਦੇ ਹੋ ਉਸ ਬਾਰੇ ਚਿੰਤਾ ਨਾ ਕਰੋ ਪਰ ਉਹਨਾਂ ਨੂੰ ਪੂਰਾ ਕਰਨ ਲਈ ਆਪਣੀ ਪੂਰੀ ਕੋਸ਼ਿਸ਼ ਕਰੋ।

ਕੁੱਝ ਸਮੇਂ ਲਈ ਕੰਮ ਤੋਂ ਛੁੱਟੀ ਲਓ 

ਕੁੱਝ ਸਮੇਂ ਲਈ ਕੰਮ ਤੋਂ ਛੁੱਟੀ ਲੈਣਾ ਸਾਡੇ ਲਈ ਬਹੁਤ ਜ਼ਰੂਰੀ ਹੈ। ਜਿਵੇ ਕਿ ਦੁਪਹਿਰ ਦਾ ਖਾਣਾ ਖਾਣਾ, ਚਾਹ ਜਾਂ ਸੈਰ ਕਰਨ ਲਈ ਜਾਣਾ ਆਦਿ। ਜਿਸ ਨਾਲ ਅਸੀਂ ਆਪਣੀ ਮਾਨਸਿਕ ਥਕਾਵਟ ਦੂਰ ਕਰ ਸਕਦੇ ਹਾਂ ਤੇ ਆਪਣੇ ਕੰਮ ਵਿੱਚ ਸਹੀ ਤਰ੍ਹਾਂ ਧਿਆਨ ਦੇ ਸਕਦੇ ਹਾਂ। ਇਹਨਾਂ ਲਈ ਹਮੇਸ਼ਾ ਆਪਣੇ ਦਿਨ ਵਿੱਚੋ ਘੱਟੋ-ਘੱਟ ਇੱਕ 30-60 ਮਿੰਟ ਦੀ ਬਰੇਕ ਲਵੋ। 

ਇਸ ਤੋਂ ਇਲਾਵਾ ਤੁਸੀ ਕੰਮ ਤੋਂ ਛੁੱਟੀ ਲੈ ਕੇ ਆਪਣੇ ਪਰਿਵਾਰ ਨਾਲ ਬਾਹਰ ਘੁੰਮਣ ਜਾ ਸਕਦੇ ਹੋ, ਜਿਸ ਨਾਲ ਪਰਿਵਾਰ ਅਤੇ ਬੱਚੇ ਵੀ ਖੁਸ਼ ਹੋ ਰਹਿਣਗੇ ਅਤੇ ਦਿਮਾਗ ਵੀ ਤਾਜ਼ਾ ਮਹਿਸੂਸ ਕਰੇਗਾ। 

ਆਪਣੇ ਦਿਨ ਨੂੰ ਸਹੀ ਕਰਨਾ

ਤੁਸੀਂ ਸਵੇਰੇ ਜਲਦੀ ਉੱਠ ਕੇ ਆਪਣੇ ਦਿਨ ਦੀ ਸ਼ੁਰੂਆਤ ਇਕ ਵਧੀਆ ਤਰੀਕੇ ਨਾਲ ਕਰ ਸਕਦੇ ਹੋ। ਸਵੇਰੇ ਜਲਦੀ ਉੱਠਣ ਨਾਲ ਹੀ ਆਪਾ ਆਪਣੇ ਦਿਨ ਦੇ ਕੰਮਾਂ ਨੂੰ ਸਮੇਂ ਸਿਰ ਕਰ ਸਕਦੇ ਹਾਂ। ਇਸੇ ਹੀ ਤਰਾਂ ਤੁਸੀਂ ਆਪਣੇ ਉਸ ਕੰਮ ਬਾਰੇ ਸੋਚੋ ਜੋ ਕਿ ਤੁਹਾਡੇ ਲਈ ਸਭ ਤੋਂ ਵੱਧ ਮਹੱਤਵ ਰੱਖਦਾ ਹੈ ਜਾਂ ਜਿਸ ਨੂੰ ਪੂਰਾ ਕਰ ਕੇ ਤੁਹਾਨੂੰ ਖੁਸ਼ੀ ਮਿਲਦੀ ਹੈ। ਉਸ ਨੂੰ ਤੁਸੀਂ ਆਪਣੀ ਇੱਛਾ ਨਾਲ ਪੂਰਾ ਕਰੋਗੇ ਤੇ ਇਸ ਨਾਲ ਤੁਸੀਂ ਆਪਣੇ ਬਾਕੀ ਕੰਮ ਵੀ ਵਧੀਆ ਢੰਗ ਨਾਲ ਕਰ ਸਕੋਗੇ।

ਸਵੇਰ ਹੋਣ ਤੇ

ਸਵੇਰ ਅਕਸਰ ਕਮਰੇ ਤੋਂ ਬਾਹਰ ਹੋਣ ਲਈ ਹੁੰਦੀ ਹੈਂ ਜੋ ਕਿ ਸਾਡੇ ਲਈ ਇੱਕ ਚੁਣੌਤੀ ਹੋ ਸਕਦੀ ਹੈ। ਆਪਣੇ ਦਿਨ ਦੀ ਸ਼ੁਰੂਆਤ ਆਪਣੇ ਰੋਜ਼ਾਨਾ ਕੰਮਾਂ ਤੋਂ ਕਰ ਸਕਦੇ ਹੋ, ਜਿਵੇਂ ਕਿ ਪਾਲਤੂ ਜਾਨਵਰਾਂ ਨੂੰ ਖਾਣਾ ਖੁਆਉਣਾ, ਸੈਰ ਕਰਨ ਲਈ ਜਾਣਾ, ਨਾਸ਼ਤਾ ਤਿਆਰ ਕਰਨਾ, ਜਾਂ ਨੌਕਰੀ ਲਈ ਬਾਹਰ ਜਾਣਾ। ਨਾਲ ਹੀ ਉਹਨਾਂ ਕੰਮਾਂ ਬਾਰੇ ਵੀ ਸੋਚੋ ਜਿਹਨਾਂ ਨੂੰ ਕਰਨ ਤੋਂ ਤੁਸੀਂ ਡਰਦੇ ਹੋ ਜਾਂ ਸ਼ੁਰੂ ਕਰਨ ਵਿੱਚ ਦੇਰੀ ਕਰਦੇ ਹੋ। ਉਹਨਾਂ ਨੂੰ ਸਵੇਰ ਲਈ ਤਹਿ ਕਰੋ, ਤਾਂ ਜੋ ਉਹ ਸਾਰਾ ਦਿਨ ਤੁਹਾਡੇ ਉੱਤੇ ਨਾ ਹਾਵੀ ਹੋਣ। 

ਦੁਪਹਿਰ ਹੋਣ ਤੇ

ਇਹ ਦਿਨ ਦਾ ਇੱਕ ਔਖਾ ਸਮਾਂ ਹੈ ਕਿਉਂਕਿ ਇਸ ਸਮੇਂ ਸਾਡੀ ਕੰਮ ਕਰਨ ਦੀ ਤਾਕਤ ਸਵੇਰ ਨਾਲੋਂ ਘੱਟ ਜਾਂਦੀ ਹੈ। ਇਹ ਸਮਾਂ ਬਹੁਤ ਆਲਸ ਵਾਲਾ ਹੁੰਦਾ ਹੈ। ਸਾਨੂੰ ਦਿਨ ਦੇ ਸਮੇ ਥਕਾਵਟ ਮਹਿਸੂਸ ਹੋਣ ਲੱਗ ਜਾਂਦੀ ਹੈ। 

ਇਸ ਵੇਲੇ ਤੁਸੀਂ ਇਸ ਤਰਾਂ ਦੇ ਕੰਮ ਕਰ ਸਕਦੇ ਹੋ, ਜਿਵੇਂ ਕਿ – ਈਮੇਲਾਂ ਦਾ ਜਵਾਬ ਦੇਣਾ, ਮੁਲਾਕਾਤਾਂ (ਮੀਟਿੰਗ) ਕਰਨਾ, ਕਿਸੇ ਨਾਲ ਬਾਹਰ ਬਾਜ਼ਾਰ ਜਾਣਾ। ਇਹਨਾਂ ਕੰਮਾਂ ਲਈ ਦੁਪਹਿਰ ਦੇ ਸਮੇਂ ਦੀ ਵਰਤੋਂ ਕਰੋ। ਜੇਕਰ ਤੁਸੀਂ ਦਿਨ ਦੇ ਸਮੇਂ ਘਰ ਵਿੱਚ ਰਹਿੰਦੇ ਹੋ, ਤਾਂ ਇਹ ਰੁਟੀਨ ਸਫਾਈ ਨੂੰ ਸੰਭਾਲਣ ਲਈ ਇੱਕ ਚੰਗਾ ਸਮਾਂ ਹੈ, ਜਿਵੇਂ ਕਿ ਰਸੋਈ ਦੀ ਡੂੰਗੀ ਸਫ਼ਾਈ, ਅਲਮਾਰੀ ਸੈੱਟ ਕਰਨਾ ਜਾਂ ਬਾਥਰੂਮ ਨੂੰ ਸਾਫ਼ ਕਰਨਾ ਆਦਿ। 

ਸ਼ਾਮ ਹੋਣ ਤੇ

ਸ਼ਾਮ ਹੋਣ ਤੇ ਅਸੀਂ ਆਪਣੇ ਦਿਨ ਦੇ ਬਾਕੀ ਕੰਮ ਖ਼ਤਮ ਕਰ ਕੇ ਸੈਰ ਕਰਨ ਜਾਂ ਸਕਦੇ ਹਾਂ ਤੇ ਉਸ ਤੋਂ ਬਾਅਦ ਆਪਣੇ ਰਾਤ ਦੇ ਕਈ ਕੰਮ ਕਰ ਸਕਦੇ ਹਾਂ। ਜਿਵੇਂ ਆਪਣਾ ਦਫ਼ਤਰ ਦਾ ਕੰਮ ਕਰਨਾ, ਰਾਤ ਦਾ ਖਾਣਾ ਬਣਾਉਣਾ, ਆਪਣੇ ਕੱਪੜੇ ਤਹਿ ਕਰਨਾ, ਆਪਣੇ ਅਗਲੇ ਦਿਨ ਦੀ ਤਿਆਰੀ ਰਾਤ ਨੂੰ ਹੀ ਕਰ ਕੇ ਸੋਣਾ ਤਾਂ ਕਿ ਤੁਹਾਨੂੰ ਅਗਲੇ ਦਿਨ ਆਪਣਾ ਕੰਮ ਕਰਨ ਵਿੱਚ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ ਤੇ ਆਪਣਾ ਕੰਮ ਆਸਾਨੀ ਨਾਲ ਕਰ ਸਕੀਏ ਆਦਿ।

ਅਖੀਰ ਵਿੱਚ 

ਤੁਸੀਂ ਆਪਣਾ ਰੋਜ਼ਾਨਾ ਰੁਟੀਨ ਬਣਾਓ ਅਤੇ ਤਾਂ ਕਿ ਕੰਮਾਂ ਨੂੰ ਸਮੇਂ ਅਨੁਸਾਰ ਕਰ ਸਕੋ। ਸਾਨੂੰ ਰੋਜ਼ਾਨਾ ਰੁਟੀਨ ਬਣਾਉਣਾ ਔਖਾ ਲੱਗਦਾ ਹੈ, ਪਰ ਇਸ ਨੂੰ ਬਣਾਉਣ  ਨਾਲ ਅਸੀਂ ਜ਼ਿੰਦਗੀ ਸੋਖਾਲੀ ਕਰ ਸਕਦੇ ਹਾਂ ਅਤੇ ਆਪਣੀ ਮੰਜਿਲ ਨੂੰ ਹਾਸਿਲ ਕਰ ਸਕਦੇ ਹਾਂ। ਤੁਸੀਂ ਇਹ ਵੀ ਦੇਖੋਗੇ ਕਿ ਤੁਹਾਡੀ ਕੰਮ ਕਰਨ ਦੀ ਸ਼ਮਤਾ ਵੱਧ ਜਾਂਦੀ ਹੈ ਅਤੇ ਇਸ ਤਰਾਂ ਤੁਹਾਡੇ ਕੋਲ ਖਾਲੀ ਸਮਾਂ ਵੀ ਬਚ ਜਾਂਦਾ ਹੈ। ਪਹਿਲਾਂ ਹੀ ਆਪਣੇ ਕੰਮਾਂ ਦੀ ਸੂਚੀ ਬਣਾ ਕੇ ਰੱਖ ਸਕਦੇ ਹੋ ਤਾਂ ਕਿ ਕੋਈ ਕੰਮ ਕਰਨ ਵਿਚ ਮੁਸ਼ਕਿਲ ਨਾ ਆਵੇ। ਹੋਰ ਤਾਂ ਹੋਰ ਤੁਸੀਂ ਇਕ ਮਹੀਨੇ ਦੇ ਕੰਮਾ ਦੀ ਵੀ ਸੂਚੀ ਬਣਾ ਕੇ ਰੱਖ ਸਕਦੇ ਹੋ। ਇਸ ਨਾਲ ਕੰਮ ਤਾਂ ਸੋਖੇ ਹੋਣਗੇ ਹੀ ਅਤੇ ਨਾਲ ਹੀ ਅਸੀਂ ਕੰਮ ਭੁਲਾਂਗੇ ਵੀ ਨਹੀ। ਇਨ੍ਹਾਂ ਚੀਜਾਂ ਨਾਲ ਅਸੀਂ ਆਪਣੇ ਰੋਜ਼ਾਨਾ ਜੀਵਨ ਵਿੱਚ ਆਉਣ ਵਾਲੇ ਕੰਮਾਂ ਨੂੰ  ਅਤੇ ਸਮੇਂ ਨੂੰ ਸੰਭਾਲ ਸਕਦੇ ਹਾਂ। 


Comments

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ ‘ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।